ਧੋਨੀ ਅਗਲੇ ਟੀ-20 ਵਰਲਡ ਕੱਪ ਦੇ ਸਚਿਨ ਸਾਬਤ ਹੋਣਗੇ : ਕਪਿਲ ਦੇਵ

ਧੋਨੀ ਅਗਲੇ ਟੀ-20 ਵਰਲਡ ਕੱਪ ਦੇ ਸਚਿਨ ਸਾਬਤ ਹੋਣਗੇ : ਕਪਿਲ ਦੇਵ

ਨਵੀਂ ਦਿੱਲੀ : ਟੀ-20 ਟੀਮ ਵਿੱਚ ਆਪਣੀ ਜਗ੍ਹਾ ਨੂੰ ਲੈ ਕੇ ਆਲੋਚਕਾਂ ਦੇ ਨਿਸ਼ਾਨੇ ਉੱਤੇ ਰਹੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਹੁਣ 1983 ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦਾ ਸਾਥ ਮਿਲਿਆ ਹੈ। ਕਪਿਲ ਦੇਵ ਨੇ ਧੋਨੀ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਟੀਮ ਇੰਡੀਆ ਦੇ ਇਸ ਧਾਕੜ ਬੱਲੇਬਾਜ਼ ਵਿੱਚ ਹੁਣੇ ਵੀ ਕਾਫ਼ੀ ਕ੍ਰਿਕਟ ਬਾਕੀ ਹੈ ਅਤੇ ਉਹ 2020 ਵਰਲਡ ਟੀ-20 ਵਿੱਚ ਵੀ ਟੀਮ ਦੇ ਬੇਹੱਦ ਖਾਸ ਖਿਡਾਰੀ ਹੋਣਗੇ।

ਕਪਿਲ ਦੇਵ ਨੇ ਐੱਮ.ਐੱਸ. ਧੋਨੀ ਦੀ ਤੁਲਨਾ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨਾਲ ਕਰਦੇ ਹੋਏ ਇਹ ਦੱਸਿਆ ਕਿ ਸਚਿਨ 2011 ਵਰਲਡ ਕੱਪ ਦੇ ਦੌਰਾਨ 38 ਸਾਲ ਦੇ ਸਨ ਅਤੇ ਚੈਂਪੀਅਨ ਬਣੇ ਸਨ। ਉਸ ਸਮੇਂ ਤਾਂ ਕਿਸੇ ਨੇ ਕੁੱਝ ਨਹੀਂ ਕਿਹਾ ਸੀ।  ਸਚਿਨ ਦੀ ਹੀ ਤਰ੍ਹਾਂ ਧੋਨੀ ਵੀ 2020 ਵਰਲਡ ਟੀ-20 ਵਿੱਚ ਟੀਮ ਇੰਡੀਆ ਲਈ ਅਹਿਮ ਭੂਮਿਕਾ ਨਿਭਾਉਣਗੇ।  

ਇਕ ਈਵੈਂਟ ਦੌਰਾਨ ਕਪਿਲ ਦੇਵ ਨੇ ਕਿਹਾ, ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਐਵਰੇਜ ਪਰਫਾਰਮੈਂਸ ਉੱਤੇ ਕੁੱਝ ਲੋਕ ਇੰਨਾ ਪਿੱਛੇ ਕਿਉਂ ਪਏ ਹਨ? ਯਕੀਨੀ ਤੌਰ 'ਤੇ ਉਮਰ ਕੋਈ ਫੈਕਟਰ ਨਹੀਂ ਹੈ। ਕਪਿਲ ਦੇਵ ਦਾ ਮੰਨਣਾ ਹੈ ਕਿ ਅਜੇ ਧੋਨੀ ਦਾ ਕੋਈ ਵੀ ਬਦਲ ਨਹੀਂ ਹੈ, ਨਾਲ ਹੀ ਉਨ੍ਹਾਂ ਨੇ ਇਹ ਸਵਾਲ ਚੁੱਕਿਆ ਕਿ ਜੇਕਰ ਉਨ੍ਹਾਂ ਨੂੰ ਟੀਮ ਤੋਂ ਬਾਹਰ ਵੀ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਜਗ੍ਹਾ ਕਿਸ ਨੂੰ ਸ਼ਾਮਿਲ ਕੀਤਾ ਜਾਵੇਗਾ?

ਜ਼ਿਕਰਯੋਗ ਹੈ ਕਿ ਰਾਜਕੋਟ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਦੂਜੇ ਟੀ-20 ਮੈਚ ਵਿੱਚ ਟੀਮ ਇੰਡੀਆ ਦੀ ਹਾਰ ਦੇ ਬਾਅਦ ਮਹਿੰਦਰ  ਸਿੰਘ ਧੋਨੀ ਨੂੰ ਕਈ ਸਾਬਕਾ ਕ੍ਰਿਕਟਰਾਂ ਨੇ ਨਿਸ਼ਾਨੇ 'ਤੇ ਲਿਆ ਸੀ ਅਤੇ ਉਨ੍ਹਾਂ ਦਾ ਬਦਲ ਲੱਭਣ ਦੀ ਗੱਲ ਕਹੀ ਸੀ। ਹਾਲਾਂਕਿ,  ਇਸ ਮਾਮਲੇ ਵਿੱਚ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਧੋਨੀ ਦਾ ਬਚਾਅ ਵੀ ਕੀਤਾ ਸੀ।