‘ਸ਼ਿਮਲਾ’ ‘ਚ ਬਰਫ ਬਾਰੀ ਦਾ ਨਜ਼ਾਰਾ ਲੈਣ ਜਾਣ ਵਾਲੇ ਸੈਲਾਨੀਆਂ ਲਈ ਅਹਿਮ ਸੂਚਨਾ

‘ਸ਼ਿਮਲਾ’ ‘ਚ ਬਰਫ ਬਾਰੀ ਦਾ ਨਜ਼ਾਰਾ ਲੈਣ ਜਾਣ ਵਾਲੇ ਸੈਲਾਨੀਆਂ ਲਈ ਅਹਿਮ ਸੂਚਨਾ

ਲੁਧਿਆਣਾ : ਹਰ ਸਾਲ ਸਰਦੀਆਂ ਦੇ ਮੌਸਮ 'ਚ ਲੱਖਾਂ ਸੈਲਾਨੀ ਸ਼ਿਮਲਾ ਘੁੰਮਣ ਅਤੇ ਉੱਥੇ ਪੈਂਦੀ ਬਰਫਬਾਰੀ ਦਾ ਆਨੰਦ ਲੈਣ ਲਈ ਜਾਂਦੇ ਹਨ। ਉੱਚੀਆਂ ਪਹਾੜੀਆਂ 'ਤੇ ਸਥਿਤ ਇਸ ਕੇਂਦਰ 'ਤੇ ਜਦੋਂ ਭਾਰੀ ਵੱਡੀ ਗਿਣਤੀ 'ਚ ਸੈਲਾਨੀ ਪਹੁੰਚ ਜਾਂਦੇ ਹਨ ਤਾਂ ਇਸ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋਣ ਲੱਗਦਾ ਹੈ। ਨਤੀਜੇ ਵਜੋਂ ਆਵਾਜਾਈ ਸਮੱਸਿਆ, ਹੋਟਲਾਂ 'ਚ ਕਮਰਿਆਂ ਦੀ ਕਮੀ, ਬਿਜਲੀ ਅਤੇ ਪਾਣੀ ਦੀ ਕਮੀ ਵੀ ਪੈਦਾ ਹੋ ਜਾਂਦੀ ਹੈ। ਇਸ ਸਾਰੀਆਂ ਪਰੇਸ਼ਾਨੀਆਂ ਨੂੰ ਘੱਟ ਕਰ ਲਈ ਜ਼ਿਲਾ ਪ੍ਰਸ਼ਾਸਨ ਸ਼ਿਮਲਾ ਵਲੋਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਰੋਹਨ ਚੰਦ ਠਾਕੁਰ ਨੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਸੈਲਾਨੀਆਂ ਲਈ ਕੁਝ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ। ਪੱਤਰ 'ਚ ਲਿਖਿਆ ਹੈ ਕਿ ਘੁੰਮਣ ਲਈ ਆਉਣ ਤੋਂ ਪਹਿਲਾਂ ਸੈਲਾਨੀ ਬਕਾਇਦਾ ਹੋਟਲਾਂ ਜਾਂ ਗੈਸਟ ਹਾਊਸ 'ਚ ਬੁਕਿੰਗ ਕਰਵਾ ਕੇ ਹੀ ਆਉਣ ਕਿਉਂਕਿ ਮੌਕੇ 'ਤੇ ਕਮਰਾ ਨਾ ਮਿਲਣ ਕਾਰਨ ਸੈਲਾਨੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸ਼ਿਮਲਾ 'ਚ ਬਰਫ ਪੈਂਦੀ ਹੈ ਤਾਂ ਇਹ ਆਮ ਤੌਰ 'ਤੇ 3-4 ਦਿਨ ਰਹਿਦੀ ਹੈ। ਇਸ ਦੇ ਨਾਲ ਲੱਗਦੇ ਇਲਾਕਿਆਂ ਕੁਫਰੀ, ਨਾਰਕੰਡਾ ਅਤੇ ਹੋਰ ਥਾਵਾਂ 'ਤੇ ਵੀ ਬਰਫ ਪੈਂਦੀ ਹੈ। ਸੈਲਾਨੀ ਇਕਦਮ ਸ਼ਿਮਲਾ ਪੁੱਜਣ ਦੀ ਬਜਾਏ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਆਨੰਦ ਲੈ ਸਕਦੇ ਹਨ। ਬਰਫ ਘੱਟ ਹੋਣ ਤੋਂ ਬਾਅਦ ਸ਼ਿਮਲਾ ਦਾ ਆਨੰਦ ਵੀ ਲਿਆ ਜਾ ਸਕਦਾ ਹੈ।