ਨਿੱਕੀ ਹੈਲੇ ਨੇ ਦਿੱਤਾ ਅਸਤੀਫਾ

ਨਿੱਕੀ ਹੈਲੇ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ, 9 ਅਕਤੂਬਰ -ਅੱਜ ਅਮਰੀਕਾ ਵਲੋਂ ਸੰਯੁਕਤ ਰਾਸ਼ਟਰ ਲਈ ਨਿਯੁਕਤ ਰਾਜਦੂਤ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨਿੱਕੀ ਹੈਲੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਅਸਤੀਫ਼ਾ ਮੱਧਕਾਲੀ ਚੋਣਾਂ ਤੋਂ ਠੀਕ ਕੁਝ ਹਫ਼ਤੇ ਪਹਿਲਾਂ ਦਿੱਤਾ ਗਿਆ ਹੈ, ਜਿਸ ਨੂੰ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕੀ ਮੀਡੀਆ ਅਨੁਸਾਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿੱਕੀ ਹੇਲੇ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਨਿੱਕੀ ਹੇਲੇ ਨਾਲ ਇਕ 'ਵੱਡਾ ਐਲਾਨ' ਕਰਨਗੇ। ਨਿੱਕੀ ਹੈਲੇ (46) ਟਰੰਪ ਪ੍ਰਸ਼ਾਸਨ ਵਿਚ ਸਭ ਤੋਂ ਸੀਨੀਅਰ ਭਾਰਤੀ ਮੂਲ ਦੀ ਅਮਰੀਕੀ ਅਧਿਕਾਰੀ ਹੈ।
'ਟਰੰਪ ਦੀ ਦੁਬਾਰਾ ਚੋਣ ਲਈ ਹਮਾਇਤ ਬਾਰੇ ਸੋਚ ਰਹੀ ਹਾਂ'
ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨਿੱਕੀ ਹੈਲੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੇ ਤਿਆਗ ਪੱਤਰ ਵਿਚ ਸੰਕੇਤ ਦਿੱਤਾ ਕਿ ਉਹ ਨਿੱਜੀ ਖੇਤਰ ਵਿਚ ਜਾ ਸਕਦੀ ਹੈ ਅਤੇ ਉਨ੍ਹਾਂ 2020 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦੀ ਸੰਭਾਵਨਾ ਰੱਦ ਕਰਦਿਆਂ ਟਰੰਪ ਦੀ ਦੁਬਾਰਾ ਚੋਣ ਲਈ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। 46 ਸਾਲਾ ਨਿੱਕੀ ਹੈਲੇ ਨੇ ਆਪਣੇ ਤਿਆਗ ਪੱਤਰ ਵਿਚ ਲਿਖਿਆ ਕਿ ਤੁਹਾਡੇ ਪ੍ਰਸ਼ਾਸਨ ਵਿਚ ਆਪਣੇ ਦੇਸ਼ ਦੀ ਸੇਵਾ ਇਕ ਮਹਾਨ ਸਨਮਾਨ ਹੈ। ਮੈਨੂੰ ਇਹ ਮੌਕਾ ਦੇਣ ਲਈ ਉਹ ਤੁਹਾਡੀ ਸ਼ੁਕਰਗੁਜ਼ਾਰ ਹੈ। ਉਨ੍ਹਾਂ ਨੇ ਅੱਜ ਅਸਤੀਫਾ ਦੇਣ ਦਾ ਐਲਾਨ ਕੀਤਾ ਪਰ ਤਿਆਗ ਪੱਤਰ 3 ਅਕਤੂਬਰ ਦਾ ਲਿਖਿਆ ਹੋਇਆ ਹੈ।