ਭਾਰੀ ਬਰਫਬਾਰੀ ਕਾਰਨ ਕੈਲਗਰੀ ਦੇ ਲੋਕ ਪ੍ਰੇਸ਼ਾਨ

ਭਾਰੀ ਬਰਫਬਾਰੀ ਕਾਰਨ ਕੈਲਗਰੀ ਦੇ ਲੋਕ ਪ੍ਰੇਸ਼ਾਨ

ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਭਾਰੀ ਬਰਫਬਾਰੀ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇੱਥੋਂ ਤਕ ਕਿ ਸੜਕਾਂ ਪੂਰੀ ਤਰ੍ਹਾਂ ਬਰਫ ਨਾਲ ਲੱਦੀਆਂ ਹੋਈਆਂ ਹਨ ਅਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸੇ ਤਹਿਤ ਸ਼ਨੀਵਾਰ ਨੂੰ ਡੀਅਰਫੁੱਟ ਟ੍ਰੇਲ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਸ ਨੂੰ ਦੁਪਹਿਰ ਬਾਅਦ ਖੋਲ੍ਹਿਆ ਗਿਆ। ਟਰੈਫਿਕ ਅਧਿਕਾਰੀਆਂ ਨੇ ਕਿਹਾ ਹੈ ਕਿ ਸੋਮਵਾਰ ਤੋਂ ਬਰਫ ਨਾਲ ਭਰੇ ਰਸਤਿਆਂ 'ਤੇ ਲੋਕਾਂ ਨੂੰ ਗੱਡੀਆਂ ਪਾਰਕ ਕਰਨ ਦੀ ਇਜ਼ਾਜਤ ਨਹੀਂ ਹੋਵੇਗੀ। ਜੇਕਰ ਕੋਈ ਵੀ ਵਿਅਕਤੀ ਇਸ ਪਾਬੰਦੀ ਦੇ ਬਾਵਜੂਦ ਰਾਹ 'ਚ ਗੱਡੀਆਂ ਪਾਰਕ ਕਰੇਗਾ ਤਾਂ ਉਨ੍ਹਾਂ ਨੂੰ ਜ਼ੁਰਮਾਨਾ ਲੱਗ ਸਕਦਾ ਹੈ। 'ਸਨੋਅ ਰੂਟ ਪਾਰਕਿੰਗ ਬੈਨ' ਦੇ ਨਾਂ ਤੋਂ ਜਾਣੀ ਜਾਂਦੀ ਇਹ ਪਾਬੰਦੀ ਸੋਮਵਾਰ ਸਵੇਰੇ 9 ਵਜੇ ਤੋਂ ਅਗਲੇ 72 ਘੰਟਿਆਂ ਤਕ ਲਾਗੂ ਰਹੇਗੀ। ਇਹ ਵੀ ਹੋ ਸਕਦਾ ਹੈ ਕਿ ਇਸ ਨੂੰ ਅਗਲੇ ਕੁੱਝ ਘੰਟਿਆਂ ਲਈ ਮੁੜ ਲਗਾ ਦਿੱਤਾ ਜਾਵੇ। ਇਹ ਬੈਨ ਕੈਸਿੰਗਟਨ ਰੋਡ ਨੌਰਥ ਵੈੱਸਟ ਰੋਡ, ਅਕਾਡੀਆ ਡਰਾਈਵ ਸਾਊਥ ਈਸਟ ਅਤੇ 11ਵੇਂ ਅਵੈਨਿਊ 'ਤੇ ਲਗਾਇਆ ਗਿਆ ਹੈ।