ਮਾਂ ਨੇ ਬੱਚੀ ਦੇ ਇਲਾਜ ਲਈ ਵੇਚਿਆ ਆਪਣਾ ਦੁੱਧ

ਮਾਂ ਨੇ ਬੱਚੀ ਦੇ ਇਲਾਜ ਲਈ ਵੇਚਿਆ ਆਪਣਾ ਦੁੱਧ

ਇਹ ਗੱਲ ਸੱਚ ਹੈ ਕਿ ਮਾਂ ਆਪਣੇ ਬੱਚੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਬੱਚੇ 'ਤੇ ਕੋਈ ਵੀ ਮੁਸੀਬਤ ਆਵੇ ਤਾਂ ਮਾਂ ਦੀ ਜਾਨ 'ਤੇ ਬਣ ਆਉਂਦੀ ਹੈ। ਚੀਨ ਵਿਚ ਅੱਜ-ਕਲ੍ਹ ਇਕ ਮਾਂ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹੈ। ਉਹ ਆਪਣੀ ਬੇਟੀ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਲਈ ਸੜਕ 'ਤੇ ਆਪਣਾ ਦੁੱਧ ਵੇਚ ਰਹੀ ਹੈ। ਇਸ ਸੰਬੰਧੀ ਵੈਬਸਾਈਟ 'ਤੇ ਇਕ ਵੀਡੀਓ ਵੀ ਪੋਸਟ ਕੀਤਾ ਗਿਆ ਹੈ। ਵੀਡੀਓ ਵਿਚ ਬੱਚੀ ਦੇ ਮਾਤਾ-ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬੇਟੀ ਆਈ. ਸੀ. ਯੂ. ਵਿਚ ਭਰਤੀ ਹੈ। ਆਪਣੀ ਬੱਚੀ ਦੇ ਇਲਾਜ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ ਇਕ ਲੱਖ ਯੁਆਨ (ਕਰੀਬ 10 ਲੱਖ 17 ਹਜ਼ਾਰ ਰੁਪਏ) ਦੀ ਲੋੜ ਹੈ। ਬੱਚੀ ਦੀ ਮਾਂ ਮੁਤਾਬਕ ਜਲਦੀ ਤੋਂ ਜਲਦੀ ਪੈਸੇ ਇਕੱਠੇ ਕਰਨ ਲਈ ਉਹ ਆਪਣਾ ਦੁੱਧ ਵੇਚ ਰਹੀ ਹੈ। ਬੱਚੀ ਦੀ ਮਾਂ ਮੁਤਾਬਕ ਉਸ ਦੀਆਂ ਦੋ ਜੁੜਵਾਂ ਬੇਟੀਆਂ ਹਨ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ ਅਤੇ ਉਹ ਸ਼ੇਨਜ਼ੇਨ ਦੇ ਬਾਓਇਨ ਜ਼ਿਲੇ ਦੇ ਪੀਪਲਜ਼ ਹਸਪਤਾਲ ਵਿਚ ਦਾਖਲ ਹੈ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਹਸਪਤਾਲ ਵਿਚ '1 ਲੱਖ ਯੁਆਨ' ਦੇਣੇ ਹਨ। ਡਾਕਟਰ ਨੇ ਕਿਹਾ ਹੈ ਕਿ ਬੱਚੀ ਦੇ ਇਲਾਜ ਮਗਰੋਂ ਉਨ੍ਹਾਂ ਨੂੰ ਇਹ ਭੁਗਤਾਨ ਜਲਦੀ ਨਾਲ ਕਰਨਾ ਹੋਵੇਗਾ। ਚੀਨ ਦੇ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਣ ਮਗਰੋਂ ਇਸ ਵੀਡੀਓ ਨੂੰ ਹੁਣ ਤੱਕ 24 ਲੱਖ ਤੋਂ ਜ਼ਿਆਦਾ ਵਾਰੀ ਦੇਖਿਆ ਜਾ ਚੁੱਕਾ ਹੈ ਅਤੇ ਇਸ 'ਤੇ 5000 ਕੁਮੈਂਟਸ ਆ ਚੁੱਕੇ ਹਨ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਭਾਵੁਕ ਪ੍ਰਤੀਕਿਰਿਆਵਾਂ ਦਿੱਤੀਆਂ ਹਨ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ—'ਸੇਲ ਮਿਲਕ, ਸੇਵ ਗਰਲ'।