ਇੰਗਲੈਂਡ ‘ਚ ਹੋਇਆ ਪੰਜਾਬੀ ਨੌਜਵਾਨ ਦਾ ਕਤਲ, 3 ਸ਼ੱਕੀ ਹਿਰਾਸਤ ‘ਚ

ਇੰਗਲੈਂਡ ‘ਚ ਹੋਇਆ ਪੰਜਾਬੀ ਨੌਜਵਾਨ ਦਾ ਕਤਲ, 3 ਸ਼ੱਕੀ ਹਿਰਾਸਤ ‘ਚ

ਲੰਡਨ— ਇੰਗਲੈਂਡ ਪੁਲਸ ਨੇ 5 ਦਸੰਬਰ ਨੂੰ ਇਕ ਪੰਜਾਬੀ ਦੇ ਕਤਲ ਦੀ ਜਾਂਚ ਦੌਰਾਨ 3 ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। 8 ਅਕਤੂਬਰ, 2008 ਨੂੰ ਓਲਡਬਰੀ ਤੋਂ ਲਾਪਤਾ ਹੋਏ ਪੰਜਾਬੀ ਮੂਲ ਦੇ 37 ਸਾਲਾ ਵਿਅਕਤੀ ਸੁਰਜੀਤ ਤੱਖਰ ਦੀ ਲਾਸ਼ 20 ਅਗਸਤ, 2015 ਨੂੰ ਬ੍ਰਮਿੰਘਮ ਨੇੜੇ ਐਮ 54 ਜਰਨੈਲੀ ਸੜਕ ਦੇ ਜੰਕਸ਼ਨ 4 ਦੇ ਨੇੜਿਉਂ ਸੜਕ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਿਲੀ ਸੀ। ਲਾਸ਼ ਦੇ ਡੀ. ਐਨ. ਏ. ਟੈਸਟ ਤੋਂ ਬਾਅਦ ਪਤਾ ਲੱਗਾ ਕਿ ਇਹ ਲਾਸ਼ ਸੁਰਜੀਤ ਦੀ ਹੀ ਲਾਸ਼ ਹੈ । ਪੁਲਸ ਨੇ ਇਸ ਮਾਮਲੇ ਵਿਚ ਮੰਗਲਵਾਰ ਨੂੰ ਹੈਂਡਜ਼ਵਰਥ ਦੇ ਵੱਖ-ਵੱਖ ਪਤਿਆਂ ਤੋਂ ਤਿੰਨ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ, ਜਿਸ ਵਿਚ 50 ਅਤੇ 47 ਸਾਲਾ ਦੋ ਮਰਦ ਅਤੇ ਇਕ 48 ਸਾਲਾ ਔਰਤ ਸ਼ਾਮਲ ਹੈ, ਜਦਕਿ ਪੁਲਸ ਵਲੋਂ ਇਸ ਮਾਮਲੇ ਵਿਚ ਹੈਡਜ਼ਵਰਥ ਅਤੇ ਟੈਲਫੋਰਡ ਵਿਚ ਕੁਝ ਹੋਰ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਜਾਂਚ ਅਧਿਕਾਰੀ ਜਿੰਮ ਮੁਨਰੋ ਨੇ ਕਿਹਾ ਕਿ ਕਤਲ ਜਾਂਚ ਵਿਚ ਇਹ ਇਕ ਵੱਡੀ ਕਾਮਯਾਬੀ ਹੈ। ਉਨ੍ਹਾਂ ਕਿਹਾ,''ਅਸੀਂ ਇਸ ਕੇਸ ਦੀ ਤਹਿ ਤੱਕ ਜਾਣ ਲਈ ਕੋਸ਼ਿਸ਼ਾਂ ਕਰ ਰਹੇ ਹਾਂ। ਮੈਂ ਫਿਰ ਅਪੀਲ ਕਰਦਾ ਹਾਂ ਕਿ ਜੇਕਰ ਕਿਸੇ ਨੂੰ ਇਸ ਸੰਬੰਧੀ ਜਾਣਕਾਰੀ ਹੋਵੇ ਤਾਂ ਉਹ ਸਾਡੀ ਜਾਂਚ ਵਿਚ ਸਹਾਇਤਾ ਕਰਨ ਲਈ ਅੱਗੇ ਆਵੇ।'' ਫਿਲਹਾਲ ਪੁਲਸ ਕੁੱਝ ਹੋਰ ਸਬੂਤ ਤੇ ਗਵਾਹ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।